ਲੋਕ ਸਭਾ ਹਲਕਾ ਸੰਗਰੂਰ 'ਚ 71 ਫ਼ੀਸਦੀ ਵੋਟਾਂ ਪੈਣ ਦਾ ਕੰਮ ਮੁਕੰਮਲ

 ਲੋਕ ਸਭਾ ਹਲਕਾ ਸੰਗਰੂਰ 'ਚ 71 ਫ਼ੀਸਦੀ ਵੋਟਾਂ ਪੈਣ ਦਾ ਕੰਮ ਮੁਕੰਮਲ

ਸੰਗਰੂਰ, 19 ਮਈ (ਫੁੱਲ, ਦਮਨ, ਬਿੱਟਾ, ਪਸ਼ੌਰੀਆ, ਚੌਧਰੀ)-ਲੋਕ ਸਭਾ ਹਲਕਾ ਸੰਗਰੂਰ 'ਚ ਵੋਟਾਂ ਪੈਣ ਦਾ ਕੰਮ ਕੁਝ ਝੜਪਾਂ ਜਾਂ ਇੱਕਾ-ਦੁਕਾ ਘਟਨਾਵਾਂ ਦੌਰਾਨ ਅੱਜ ਸ਼ਾਮੀ ਸਮਾਪਤ ਹੋ ਗਿਆ | ਇਸ ਹਲਕੇ 'ਚ ਤਕਰੀਬਨ 71 ਫ਼ੀਸਦੀ ਵੋਟਾਂ ਪੈਣਾ ਲੋਕਾਂ ਦੇ ਜਾਗਰੂਕ ਹੋਣ ਦਾ ਸੂਚਕ ਹੈ | ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸ ਦੇ ਕੇਵਲ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ, ਪੀ.ਡੀ.ਏ. ਦੇ ਜੱਸੀ ਜਸਰਾਜ ਸਮੇਤ 25 ਉਮੀਦਵਾਰਾਂ ਦੀ ਕਿਸਮਤ ਅੱਜ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ | ਅਕਾਲੀ-ਭਾਜਪਾ ਆਗੂ ਕਈ ਪੱਖਾਂ ਤੋਂ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੀ ਅੰਦਰੂਨੀ ਵਿਰੋਧਤਾ ਦੇ ਬਾਵਜੂਦ ਵੀ ਆਪਣੀ ਰਵਾਇਤੀ ਵੋਟ ਹਾਸਲ ਕਰ ਗਏ ਸਨ ਜਦਕਿ ਪਰਮਿੰਦਰ ਸਿੰਘ ਢੀਂਡਸਾ ਦੀ ਲੋਕਪ੍ਰੀਅਤਾ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਨਾਲੋਂ ਵੱਧ ਹੈ | ਇਸ ਵਾਰ ਪਰਮਿੰਦਰ ਸਿੰਘ ਢੀਂਡਸਾ ਨੰੂ ਪਾਰਟੀ ਦੇ ਸਾਰੇ ਗਰੁੱਪਾਂ ਦਾ ਸਮਰੱਥਨ ਵੀ ਹਾਸਲ ਹੈ | ਭਾਰਤੀ ਜਨਤਾ ਪਾਰਟੀ ਦੇ ਦੋਨੋਂ ਗਰੁੱਪ ਦਿਲੋਂ ਢੀਂਡਸਾ ਦੇ ਨਾਲ ਚਲਣ ਕਾਰਨ ਵੀ ਅਕਾਲੀ ਭਾਜਪਾ ਆਗੂਆਂ 'ਚ ਉਤਸ਼ਾਹ ਹੈ | ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਸਮਰਥਕਾਂ ਨੰੂ ਢਿੱਲੋਂ ਦੇ ਕਾਮਯਾਬ ਹੋਣ ਦੀ ਆਸ ਬੱਝੀ ਹੋਈ ਹੈ | ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਡੇਰਾ ਸਰਸਾ ਦਾ ਸਮਰਥਨ ਕਾਂਗਰਸ ਲਈ ਸੰਜੀਵਨੀ ਬਣ ਸਕਦਾ ਹੈ | ਹਾਲਾਂਕਿ ਕਾਂਗਰਸ ਦੇ ਇਕ ਵੱਡੇ ਗਰੁੱਪ ਵਲੋਂ ਆਮ ਆਦਮੀ ਪਾਰਟੀ ਦੇ ਹੱਕ 'ਚ ਵੋਟਾਂ ਭੁਗਤਾਏ ਜਾਣ ਦੀ ਚਰਚਾ ਨੇ ਢਿੱਲੋਂ ਸਮਰਥੱਕਾਂ ਨੰੂ ਭੰਬਲਭੁਸੇ 'ਚ ਪਾ ਰੱਖਿਆ ਹੈ | ਹਲਕੇ ਦੇ ਸ਼ਹਿਰੀ ਖੇਤਰਾਂ 'ਚ ਬਹੁਤੇ ਬੂਥਾਂ 'ਤੇ ਅਕਾਲੀ ਦਲ ਅਤੇ ਕਾਂਗਰਸ ਦੇ ਟੈਂਟ ਹੀ ਨਜ਼ਰ ਆਏ ਜਦਕਿ ਬਹੁਤ ਸਾਰੇ ਪਿੰਡਾਂ 'ਚ ਵੀ ਇਹੋ ਹਾਲ ਵੇਖਣ ਨੰੂ ਮਿਲਿਆ | ਆਮ ਆਦਮੀ ਪਾਰਟੀ ਦੇ ਸਮਰਥੱਕ ਅੱਜ ਸ਼ਾਮ ਵੋਟਾਂ ਪੈਣ ਤੱਕ ਉਤਸ਼ਾਹਿਤ ਨਜ਼ਰ ਆਏ ਕਿਉਂਕਿ ਉਨ੍ਹਾਂ ਨੰੂ ਕਾਂਗਰਸ ਦੇ ਇੱਕ ਵੱਡੇ ਧੜੇ ਵਲੋਂ ਅੰਦਰੂਨੀ ਸਮਰੱਥਨ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ | ਇਸ ਤੋਂ ਇਲਾਵਾ 26ਵੇਂ ਨੰਬਰ 'ਤੇ ਲੱਗੇ ਨੋਟਾ ਦੇ ਬਟਨ 'ਤੇ ਵੀ ਕਾਫ਼ੀ ਵੋਟਰਾਂ ਵਲੋਂ ਦਿਲਚਸਪੀ ਲਏ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ | 'ਅਜੀਤ' ਦੀ ਟੀਮ ਵਲੋਂ ਵੱਖ-ਵੱਖ ਪਿੰਡਾਂ 'ਚ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ | ਕਈ ਥਾਵਾਂ 'ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਟੱਕਰ ਵੇਖਣ ਨੰੂ ਮਿਲੀ ਜਦਕਿ ਹੋਰ ਕਈ ਥਾਂਵਾਂ 'ਤੇ ਅਕਾਲੀ ਦਲ ਅਤੇ ਕਾਂਗਰਸ ਦੇ ਮੁਕਾਬਲੇ ਵਾਲੀ ਸਥਿਤੀ ਨਜ਼ਰ ਆਈ | ਅੱਜ ਸ਼ਾਮ ਤੱਕ ਤਿੰਨੇ ਉਮੀਦਵਾਰਾਂ ਦੇ ਸਮਰੱਥਕ ਆਪੋ-ਆਪਣੀ ਜਿੱਤ ਦੇ ਦਾਅਵੇ ਕਰਦੇ ਵਿਖਾਈ ਦਿੱਤੇ |