ਜ਼ਿਲ੍ਹਾ ਬਰਨਾਲਾ 'ਚ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹੀ ਲੋਕ ਸਭਾ ਚੋਣ-

ਵਿਧਾਨ ਸਭਾ ਹਲਕਾ ਭਦੌੜ 'ਚ 71 ਫ਼ੀਸਦੀ, ਬਰਨਾਲਾ 'ਚ 68.30 ਫ਼ੀਸਦੀ ਤੇ ਮਹਿਲ ਕਲਾਂ 'ਚ 69.92 ਫ਼ੀਸਦੀ ਪੋਿਲੰਗ

ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ ਅੱਜ ਰਹੇਗੀ ਛੁੱਟੀ

 <H4>ਜ਼ਿਲ੍ਹਾ ਬਰਨਾਲਾ 'ਚ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹੀ ਲੋਕ ਸਭਾ ਚੋਣ-</H4>
ਵਿਧਾਨ ਸਭਾ ਹਲਕਾ ਭਦੌੜ 'ਚ  71 ਫ਼ੀਸਦੀ, ਬਰਨਾਲਾ 'ਚ 68.30 ਫ਼ੀਸਦੀ ਤੇ ਮਹਿਲ ਕਲਾਂ 'ਚ 69.92 ਫ਼ੀਸਦੀ ਪੋਿਲੰਗ
<H4>ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ  ਅੱਜ ਰਹੇਗੀ ਛੁੱਟੀ  </H4>

ਬਰਨਾਲਾ, 19 ਮਈ (ਗੁਰਪ੍ਰੀਤ ਸਿੰਘ ਲਾਡੀ)-ਅੱਜ ਹੋਈਆਂ ਲੋਕ ਸਭਾ ਚੋਣਾਂ 'ਚ ਬਰਨਾਲਾ ਜ਼ਿਲ੍ਹੇ ਦੇ ਵੋਟਰਾਂ ਵਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਲੋਕਤੰਤਰ ਦੇ ਮਹਾਂਤਿਉਹਾਰ ਨੂੰ ਪੁਖ਼ਤਾ ਪ੍ਰਬੰਧਾਂ ਦੇ ਚਲਦਿਆਂ ਸ਼ਾਂਤੀਪੂਰਵਕ ਤੇ ਪੂਰੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹ ਲਿਆ ਗਿਆ ਹੈ ਅਤੇ ਕਿਸੇ ਪਾਸਿਉਂ ਹਿੰਸਾ ਜਾਂ ਕਿਸੇ ਹੋਰ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਆਈ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਭਦੌੜ 'ਚ 71 ਫ਼ੀਸਦੀ, ਵਿਧਾਨ ਸਭਾ ਹਲਕਾ ਬਰਨਾਲਾ 'ਚ 68.30 ਫ਼ੀਸਦੀ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ 'ਚ 69.92 ਫ਼ੀਸਦੀ ਪੋਿਲੰਗ ਰਿਕਾਰਡ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ 'ਚ 494 ਪੋਿਲੰਗ ਸਟੇਸ਼ਨਾਂ 'ਚੋਂ 43 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਸੀ, ਜਿਨ੍ਹਾਂ 'ਚੋਂ 18 ਭਦੌੜ, 3 ਬਰਨਾਲਾ ਅਤੇ 22 ਮਹਿਲ ਕਲਾਂ ਹਲਕੇ 'ਚ ਸਥਿਤ ਹਨ ਪਰ ਸਾਰੇ ਹੀ ਪੋਿਲੰਗ ਸਟੇਸ਼ਨਾਂ 'ਤੇ ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹ ਲਿਆ ਗਿਆ ਹੈ | ਜ਼ਿਲ੍ਹੇ 'ਚ ਵਿਸ਼ੇਸ਼ ਤੌਰ 'ਤੇ ਬਣਾਏ ਗਏ 8 ਮਾਡਲ ਪੋਿਲੰਗ ਸਟੇਸ਼ਨਾਂ, 3 ਪਿੰਕ ਪੋਿਲੰਗ ਸਟੇਸ਼ਨਾਂ ਤੇ 1 ਪੀ.ਡਬਲਿਯੂ.ਡੀ. ਪੋਿਲੰਗ ਸਟੇਸ਼ਨ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ ਨਜ਼ਰ ਆਏ | ਉਨ੍ਹਾਂ ਕਿਹਾ ਕਿ ਇਨ੍ਹਾਂ ਪੋਿਲੰਗ ਸਟੇਸ਼ਨਾਂ 'ਤੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਆਏ ਵੋਟਰਾਂ ਨੇ ਇੱਥੇ ਬਣਾਏ ਗਏ ਸੈਲਫੀ ਸਟੈਂਡਾਂ 'ਤੇ ਵੋਟ ਪਾਉਣ ਤੋਂ ਬਾਅਦ ਤਸਵੀਰਾਂ ਵੀ ਕਰਵਾਈਆਂ | ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ ਚੋਣਾਂ ਤੋਂ ਅਗਲੇ ਦਿਨ ਭਾਵ 20 ਮਈ ਦਿਨ ਸੋਮਵਾਰ ਨੂੰ ਛੁੱਟੀ ਰਹੇਗੀ |
ਵੋਟ ਪਾਉਣ ਸਮੇਂ ਦੀ ਫ਼ੋਟੋ ਜਾਂ ਵੀਡੀਓ ਜਾਰੀ ਕਰਨ 'ਤੇ ਪਾਬੰਦੀ
ਡਿਪਟੀ ਕਮਿਸ਼ਨਰ ਸ. ਫੂਲਕਾ ਨੇ ਦੱਸਿਆ ਕਿ ਵੋਟਰਾਂ ਦੀ ਨਿੱਜਤਾ ਯਕੀਨੀ ਬਣਾਉਣ ਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਪੋਿਲੰਗ ਸਟੇਸ਼ਨਾਂ 'ਚ ਕਿਸੇ ਵੀ ਵੋਟਰ ਜਾਂ ਵਿਅਕਤੀ ਨੂੰ ਨਿੱਜਤਾ ਬਕਸੇ ਦੇ ਅੰਦਰ ਦੀ ਜਾਂ ਈ.ਵੀ.ਐਮ. ਦਾ ਬਟਨ ਦੱਬਦਿਆਂ ਦੀ ਜਾਂ ਵੀ.ਵੀ.ਪੈਟ. ਮਸ਼ੀਨ 'ਤੇ ਆਈ ਵੋਟਰ ਪਰਚੀ ਦੀ ਤਸਵੀਰ ਲੈਣਾ ਜਾਂ ਵੀਡੀਓ ਬਣਾਉਣਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨੇ ਅਜਿਹੀ ਤਸਵੀਰ ਖਿੱਚ ਕੇ ਜਾਂ ਵੀਡੀਓ ਬਣਾ ਕੇ ਕਿਸੇ ਵੀ ਤਰ੍ਹਾਂ ਜਨਤਕ ਕੀਤੀ ਜਾਂ ਮੀਡੀਆ-ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੀ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |