ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਵੋਟਾਂ ਦੌਰਾਨ ਹੋਇਆ 64.17 ਫੀਸਦੀ ਮਤਦਾਨ

 ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਵੋਟਾਂ ਦੌਰਾਨ ਹੋਇਆ 64.17 ਫੀਸਦੀ ਮਤਦਾਨ

ਤਰਨ ਤਾਰਨ, 19 ਮਈ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)- ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲਗਪਗ 64.17 ਫੀਸਦੀ ਮਤਦਾਨ ਹੋਇਆ | ਜ਼ਿਲ੍ਹੇ ਵਿਚ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਾਂ ਪੂਰੇ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ | ਸਾਰਾ ਦਿਨ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਬਾਹਰੋਂ ਆਏ ਚੋਣ ਰਿਟਰਨਿੰਗ ਅਫ਼ਸਰ ਅਤੇ ਪੁਲਿਸ ਦੇ ਅਧਿਕਾਰੀ ਵੱਖ-ਵੱਖ ਹਲਕਿਆਂ ਵਿਚ ਜਾ ਕੇ ਚੋਣ ਬੂਥਾਂ 'ਤੇ ਲੋਕਾਂ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ | ਅੱਜ ਹੋਈਆਂ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਮਤਦਾਨ ਦੌਰਾਨ ਵਿਧਾਨ ਸਭਾ ਹਲਕਾ-14 ਜੰਡਿਆਲਾ ਲਈ 62.57 ਫੀਸਦੀ, ਵਿਧਾਨ ਸਭਾ ਹਲਕਾ-21 ਤਰਨ ਤਾਰਨ ਲਈ 58.54 ਫੀਸਦੀ, ਵਿਧਾਨ ਸਭਾ ਹਲਕਾ-22 ਖੇਮਕਰਨ ਲਈ 65.69 ਫੀਸਦੀ, ਵਿਧਾਨ ਸਭਾ ਹਲਕਾ-23 ਪੱਟੀ ਲਈ 65.33 ਫੀਸਦੀ, ਵਿਧਾਨ ਸਭਾ ਹਲਕਾ-24 ਖਡੂਰ ਸਾਹਿਬ ਲਈ 63.08 ਫੀਸਦੀ, ਵਿਧਾਨ ਸਭਾ ਹਲਕਾ-25 ਬਾਬਾ ਬਕਾਲਾ ਲਈ 60.50 ਫੀਸਦੀ, ਵਿਧਾਨ ਸਭਾ ਹਲਕਾ-27 ਕਪੂਰਥਲਾ ਲਈ 60.75 ਫੀਸਦੀ, ਵਿਧਾਨ ਸਭਾ ਹਲਕਾ-28 ਸੁਲਤਾਨਪੁਰ ਲੋਧੀ ਲਈ 66.67 ਫੀਸਦੀ ਅਤੇ ਵਿਧਾਨ ਸਭਾ ਹਲਕਾ-75 ਜ਼ੀਰਾ ਲਈ 74.41 ਫੀਸਦੀ ਵੋਟਰਾਂ ਨੇ ਮਤਦਾਨ ਕੀਤਾ | ਸਵੇਰ ਦੇ ਸਮੇਂ ਤੋਂ ਹੀ ਵੋਟਰਾਂ ਵਲੋਂ ਵੋਟਾਂ ਪਾਉਣ ਵਿਚ ਕਾਫ਼ੀ ਰੁਚੀ ਦਿਖਾਈ ਦਿੱਤੀ | ਦੁਪਹਿਰ ਤੋਂ ਬਾਅਦ ਭਾਵੇਂ ਗਰਮੀ ਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ, ਪਰ ਇਸ ਦੇ ਬਾਵਜੂਦ ਵੀ ਲੋਕ ਵੋਟ ਦਾ ਇਸਤੇਮਾਲ ਕਰਨ ਲਈ ਪੋਿਲੰਗ ਬੂਥਾਂ 'ਤੇ ਪਹੁੰਚੇ | ਇਸ ਵਾਰ ਪੋਿਲੰਗ ਬੂਥਾਂ 'ਤੇ ਆਉਣ ਵਾਲੇ ਵੋਟਰਾਂ ਲਈ ਪ੍ਰਸ਼ਾਸਨ ਵਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ | ਹਰ ਬੂਥ 'ਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਵੋਟਰਾਂ ਲਈ ਸਵਾਗਤੀ ਗੇਟ ਬਣਾਏ ਗਏ ਸਨ | ਇਥੋਂ ਤੱਕ ਕਿ ਚੋਣ ਡਿਊਟੀ ਵਾਲੇ ਅਮਲੇ ਨੂੰ ਰਾਤ ਦੀ ਰੋਟੀ ਤੋਂ ਇਲਾਵਾ ਸਵੇਰੇ ਪਰੌਾਠੇ, ਦੁਪਹਿਰ ਦੀ ਰੋਟੀ ਤੇ ਹੋਰ ਸਾਮਾਨ ਨਿਰਵਿਘਨ ਮਿਲ ਰਿਹਾ ਸੀ | ਜ਼ਿਲ੍ਹਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਹਲਕੇ ਵਿਚ ਵੋਟਾਂ ਪਾਉਣ ਦਾ ਕੰਮ ਨਿਰਵਿਘਨ ਤਰੀਕੇ ਨਾਲ ਮੁਕੰਮਲ ਹੋਣ 'ਤੇ ਚੋਣ ਡਿਊਟੀ ਵਿਚ ਲੱਗੇ ਸਮੂਹ ਸੁਰੱਖਿਆ ਕਰਮਚਾਰੀਆਂ ਤੇ ਪੋਲਿੰਗ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਵੋਟਰਾਂ ਵਿਚ ਵੋਟਾਂ ਪਾਉਣ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ | ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2019 ਦੌਰਾਨ ਚੋਣ ਸਟਾਫ਼ ਵਿਚ ਤਾਇਨਾਤ ਪ੍ਰਜ਼ਾਈਡਿੰਗ ਤੇ ਪੋਲਿੰਗ ਅਫ਼ਸਰਾਂ ਨੂੰ 20 ਮਈ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪ੍ਰਜ਼ਾਈਡਿੰਗ ਤੇ ਪੋਲਿੰਗ ਅਫ਼ਸਰ ਜੇਕਰ ਵੋਟਾਂ ਵਾਲੇ ਦਿਨ ਤੋਂ ਅਗਲੇ ਦਿਨ ਆਪਣੇ ਦਫ਼ਤਰ ਵਿਚ ਰਿਪੋਰਟ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਮੰਨਿਆ ਜਾਵੇਗਾ |