ਪਟਿਆਲਾ ਸੰਸਦੀ ਸੀਟ 'ਤੇ ਅਮਨ ਅਮਾਨ ਨਾਲ ਕਰੀਬ 68 ਫ਼ੀਸਦੀ ਵੋਟਰਾਂ ਵਲੋਂ ਮੱਤਦਾਨ-ਕੁਮਾਰ ਅਮਿਤ

 ਪਟਿਆਲਾ ਸੰਸਦੀ ਸੀਟ 'ਤੇ ਅਮਨ ਅਮਾਨ ਨਾਲ ਕਰੀਬ 68 ਫ਼ੀਸਦੀ ਵੋਟਰਾਂ ਵਲੋਂ ਮੱਤਦਾਨ-ਕੁਮਾਰ ਅਮਿਤ
<br/>

ਪਟਿਆਲਾ, 19 ਮਈ (ਗੁਰਪ੍ਰੀਤ ਸਿੰਘ ਚੱਠਾ, ਅਮਰਬੀਰ ਸਿੰਘ ਆਹਲੂਵਾਲੀਆ, ਜਸਪਾਲ ਸਿੰਘ ਢਿੱਲੋਂ, ਮਨਦੀਪ ਸਿੰਘ ਖਰੋੜ, ਗੁਰਵਿੰਦਰ ਸਿੰਘ ਔਲਖ, ਧਰਮਿੰਦਰ ਸਿੰਘ ਸਿੱਧੂ)-2019 ਦੀਆਂ ਲੋਕ ਸਭਾ ਹਲਕਾ ਪਟਿਆਲਾ ਦੀਆਂ ਚੋਣਾਂ 'ਚ 7ਵਾਂ ਗੇੜ ਦੀਆਂ ਵੋਟਾਂ ਪੈਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਜ਼ਿਲ੍ਹੇ 'ਚ ਚੋਣਾਂ ਨਾਲ ਸਬੰਧਿਤ ਇੱਕਾ-ਦੁੱਕਾ ਛੁਟਪੁਟ ਘਟਨਾਵਾਂ ਤੋਂ ਇਲਾਵਾ ਕਿਤੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਨਹੀ ਆਈ | ਇਸ ਮੌਕੇ ਵੋਟਰਾਂ ਤੋਂ ਇਲਾਵਾ ਉਮੀਦਵਾਰਾਂ ਦੇ ਨਾਲ ਨਾਲ ਅਹਿਮ ਸਿਆਸੀ ਸ਼ਖ਼ਸੀਅਤਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਅੱਜ ਸ਼ਹਿਰਾਂ 'ਚ ਕਾਰੋਬਾਰੀ ਸਥਾਨ ਬੰਦ ਰਹੇ ਬਾਵਜੂਦ ਇਸ ਦੇ ਪਹਿਲਾ ਦੇ ਮੁਕਾਬਲੇ ਵੋਟ ਫ਼ੀਸਦੀ 'ਚ ਕਮੀ ਮਹਿਸੂਸ ਕੀਤੀ ਗਈ | ਮੱਖ ਮੰਤਰੀ ਦੇ ਜ਼ਿਲ੍ਹੇ 'ਚੋਂ ਆਪਣੇ ਮਨਪਸੰਦ ਉਮੀਦਵਾਰ ਨੂੰ ਸੰਸਦ ਦੀਆਂ ਪੌੜੀਆਂ ਚੜ੍ਹਾਉਣ ਲਈ ਕਰੀਬ 68 ਫ਼ੀਸਦੀ ਵੋਟਰਾਂ ਨੇ ਵੋਟ ਦਾ ਇਸਤੇਮਾਲ ਕੀਤਾ | ਇਸ ਮੌਕੇ ਜਿੱਥੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ 'ਚ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਉੱਥੇ ਕਾਂਗਰਸ ਉਮੀਦਵਾਰ ਸ੍ਰੀਮਤੀ ਪ੍ਰਨੀਤ ਕੌਰ, ਸ਼ੋ੍ਰਮਣੀ ਅਕਾਲੀ ਦਲ ਤੋਂ ਸੁਰਜੀਤ ਸਿੰਘ ਰੱਖੜਾ, ਸਾਂਝਾ ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ, ਆਪ ਉਮੀਦਵਾਰ ਨੀਨਾ ਮਿੱਤਲ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦੇ ਨਾਲ ਸਥਾਨਕ ਆਗੂਆਂ ਨੇ ਵੀ ਪਰਿਵਾਰਾਂ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ | ਲਗਾਈਆਂ ਜਾ ਰਹੀਆਂ ਕਿਆਸ-ਅਰਾਈਆਂ ਦੇ ਉਲਟ ਸੱਤਾਧਾਰੀਆਂ ਦੀ ਨਰਮੀ 'ਤੇ ਚੋਣ ਕਮਿਸ਼ਨ ਦੀ ਸਖ਼ਤੀ ਨੇ ਨਾਗਰਿਕਾਂ ਨੂੰ ਖੁੱਲ੍ਹ ਕੇ ਵੋਟ ਪਾਉਣ ਦਾ ਮੌਕਾ ਦਿੱਤਾ | ਸਵੇਰੇ 7 ਵਜੇ ਆਰੰਭ ਹੋਈ ਵੋਟਿੰਗ ਦੀ ਸ਼ਹਿਰੀ ਖੇਤਰ 'ਚ ਮੱਠੀ ਰਫ਼ਤਾਰ ਨੇ ਹੈਰਾਨ ਜ਼ਰੂਰ ਕੀਤਾ | ਇਹ ਹਾਲ ਤਕਰੀਬਨ 3 ਘੰਟੇ ਦੇ ਕਰੀਬ ਰਿਹਾ | ਇਸ ਦੇ ਮੁਕਾਬਲੇ ਬਾਹਰੀ ਕਾਲੋਨੀਆਂ 'ਚ ਲੰਬੀਆਂ ਕਤਾਰਾਂ 'ਚ ਲੋਕ ਆਪਣੇ ਹੱਕ ਦਾ ਇਸਤੇਮਾਲ ਕਰਦੇ ਦਿਖੇ | ਵੋਟਰਾਂ ਨੂੰ ਬੂਥਾਂ 'ਤੇ ਪਰਚੀ ਲੈਂਦੇ ਦੇਖ ਉਮੀਦਵਾਰਾਂ ਦੀ ਹਾਰ-ਜਿੱਤ ਦਾ ਅੰਦਾਜ਼ਾ ਲਾਉਣ ਵਾਲੇ ਸਿਆਸੀ ਮਾਹਿਰਾਂ ਨੂੰ ਥੋੜ੍ਹੀ ਨਮੋਸ਼ੀ ਹੀ ਹੱਥ ਲੱਗੀ, ਕਿਉਂਕਿ ਸੱਤਾਧਾਰੀਆਂ ਦੇ ਬੂਥਾਂ ਤੋਂ ਵੀ ਵੋਟਰ ਪਰਚੀ ਲੈਣ ਘੱਟ ਹੀ ਖੜ੍ਹੇ ਦਿਖੇ ਬਾਕੀਆਂ ਦੀ ਤਾਂ ਗੱਲ ਹੀ ਕੀ ਸੀ | ਜਿਸ ਦਾ ਕਾਰਨ ਲੋਕਾਂ ਨੂੰ ਇਲਾਕੇ ਦੇ ਬੀ.ਐਲ.ਓ. ਵਲੋਂ ਘਰ-ਘਰ ਪਹੁੰਚਾਈ ਵੋਟ ਪਰਚੀ ਤੇ ਪੋਿਲੰਗ ਬੂਥਾਂ 'ਤੇ ਅੱਜ ਵੀ ਉਨ੍ਹਾਂ ਦੀ ਮੌਜੂਦਗੀ ਸੀ | ਮਾਡਲ ਪੋਿਲੰਗ ਬੂਥਾਂ 'ਤੇ ਬੱਚਿਆਂ ਦੇ ਖੇਡਣ ਲਈ ਬਣਾਈ ਜਗ੍ਹਾ 'ਚ ਬੱਚੇ ਖੇਡਦੇ ਦਿਖੇ | ਸ੍ਰੀ ਕੁਮਾਰ ਅਮਿਤ ਨੇ ਵੋਟਰਾਂ ਵੱਲੋਂ ਅਮਨ-ਅਮਾਨ ਤੇ ਸ਼ਾਂਤੀਪੂਰਵਕ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਪਾਏ ਗਏ ਯੋਗਦਾਨ ਲਈ ਸਮੂਹ ਵੋਟਰਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਅੰਦਰ ਵੋਟਰਾਂ ਨੇ ਜਮਹੂਰੀਅਤ ਪ੍ਰਤੀ ਸ਼ਰਧਾ ਵਿਖਾਉਂਦਿਆਂ ਅਮਨ ਪੂਰਵਕ ਲੰਮੀਆਂ ਕਤਾਰਾਂ 'ਚ ਲੱਗ ਕੇ ਵੋਟਾਂ ਪਾਈਆਂ ਹਨ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਅਮਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਤੋਂ ਕਰੀਬ 10,000 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 1922 ਬੂਥਾਂ 'ਤੇ ਇਕ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਤੇ ਪੋਲਿੰਗ ਅਫ਼ਸਰਾਂ ਦੀ ਪਾਰਟੀ ਬਣਾ ਕੇ ਭੇਜਿਆ ਗਿਆ ਸੀ | ਦਿਵਿਆਂਗ ਵੋਟਰਾਂ ਅਤੇ ਬਜ਼ੁਰਗ ਵਿਅਕਤੀਆਂ ਨੂੰ ਵੋਟ ਪਾਉਣ ਲਈ ਪਹਿਲ ਦੇਣ ਸਮੇਤ ਸਥਾਪਤ ਕੀਤੇ ਗਏ ਮਾਡਲ ਪੋਿਲੰਗ ਸਟੇਸ਼ਨਾਂ ਵਿਖੇ ਵੋਟਰਾਂ ਲਈ ਸਵਾਗਤੀ ਬੋਰਡ, ਕਾਰਪੈਟ, ਪੀਣ ਵਾਲੇ ਪਾਣੀ ਤੇ ਹੋਰ ਸਹੂਲਤਾਂ ਦੇਣ ਸਮੇਤ ਅੰਗਹੀਣਾਂ ਲਈ ਵ੍ਹੀਲ-ਚੇਅਰਾਂ ਲਗਾਈਆਂ ਗਈਆਂ ਸਨ | ਇਸ ਦੌਰਾਨ ਐੱਸ.ਐੱਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਤਿ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਪੋਿਲੰਗ ਬੂਥਾਂ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਸੀ | ਸਮੂਹ ਪੋਿਲੰਗ ਬੂਥਾਂ 'ਤੇ ਅਰਧ ਸੁਰੱਖਿਆ ਬਲਾਂ, ਆਰਮਡ ਪੁਲਿਸ ਤੇ ਪੀ.ਏ.ਪੀ. ਸਮੇਤ ਸਥਾਨਕ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਗਈ ਤੇ ਪੈਟਰੋਿਲੰਗ ਪਾਰਟੀਆਂ ਵੱਲੋਂ ਲਗਾਤਾਰ ਗਸ਼ਤ ਕੀਤੀ ਗਈ, ਇਸ ਤੋਂ ਬਿਨਾਂ ਮਾਈਕਰੋ ਆਬਜ਼ਰਵਰ, ਵੈੱਬ ਕਾਸਟਿੰਗ ਨਾਲ ਵੀ ਪੋਿਲੰਗ ਸਟੇਸ਼ਨਾਂ 'ਤੇ ਨਿਗ੍ਹਾ ਰੱਖੀ ਗਈ | ਰਾਤੀ 10 ਵਜੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ 68 ਫ਼ੀਸਦੀ ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਮਤਦਾਨ ਕੀਤਾ | ਪਟਿਆਲਾ ਲੋਕ ਸਭਾ ਹਲਕੇ ਦੇ 9 ਹਲਕਿਆਂ 'ਚ 17 ਲੱਖ 34 ਹਜ਼ਾਰ 245 ਵੋਟਰਾਂ ਵਿੱਚੋਂ ਕਰੀਬ 68 ਫੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਵੋਟਾਂ ਪਾਈਆਂ ਹਨ | 10 ਵਜੇ ਤੱਕ ਪੋਿਲੰਗ ਪਾਰਟੀਆਂ ਤੋਂ ਹਾਸਲ ਹੋਏ ਅੰਕੜਿਆਂ ਮੁਤਾਬਕ 109-ਨਾਭਾ ਹਲਕੇ, ਜਿਥੇ ਕੁਲ 1 ਲੱਖ 81 ਹਜ਼ਾਰ 340 ਵੋਟਰ ਹਨ, ਵਿਖੇ 69 ਫ਼ੀਸਦੀ ਵੋਟਾਂ ਦਾ ਭੁਗਤਾਨ ਹੋਇਆ | ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ ਵਿੱਚ ਕੁਲ 2 ਲੱਖ 17 ਹਜ਼ਾਰ 841 ਵੋਟਰ ਵਿਚੋਂ 60.20 ਫ਼ੀਸਦੀ ਵੋਟਰਾਂ ਨੇ ਮਤਦਾਨ ਕੀਤਾ | 111-ਰਾਜਪੁਰਾ ਹਲਕੇ ਵਿੱਚ ਕੁਲ 1 ਲੱਖ 73 ਹਜ਼ਾਰ 947 ਵੋਟਰਾਂ 'ਚੋਂ 70.20 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਇਸੇ ਤਰ੍ਹਾਂ 112-ਡੇਰਾਬਸੀ ਹਲਕੇ ਵਿੱਚ ਕੁਲ 2 ਲੱਖ 58 ਹਜ਼ਾਰ 622 ਵੋਟਰ ਹਨ ਅਤੇ ਇਥੇ 69.02 ਫ਼ੀਸਦੀ ਮਤਦਾਨ ਹੋਇਆ | 113-ਘਨੌਰ ਹਲਕਾ ਵਿੱਚ ਕੁਲ 1 ਲੱਖ 63 ਹਜ਼ਾਰ 173 ਵੋਟਰ ਹਨ, ਜਿਨ੍ਹਾਂ ਵਿੱਚੋਂ 72 ਫ਼ੀਸਦੀ ਵੋਟਰਾਂ ਨੇ ਵੋਟਾਂ ਪਾਈਆਂ | ਹਲਕਾ 114-ਸਨੌਰ ਵਿਖੇ ਕੁਲ 2 ਲੱਖ 15 ਹਜ਼ਾਰ 131 ਵੋਟਰ ਹਨ, ਜ਼ਿਨ੍ਹਾਂ ਵਿੱਚੋਂ 68.50 ਫ਼ੀਸਦੀ ਵੋਟਾਂ ਪਈਆਂ | ਜਦੋਂ ਕਿ ਹਲਕਾ 115-ਪਟਿਆਲਾ ਸ਼ਹਿਰੀ ਵਿਖੇ ਕੁੱਲ 1 ਲੱਖ 61 ਹਜ਼ਾਰ 178 ਵੋਟਰ ਹਨ ਤੇ ਇਥੇ 61.09 ਫ਼ੀਸਦੀ ਮਤਦਾਨ ਹੋਇਆ | 116-ਸਮਾਣਾ ਹਲਕੇ ਵਿਖੇ ਕੁਲ 1 ਲੱਖ 87 ਹਜ਼ਾਰ 658 ਵੋਟਰ ਹਨ, ਜਿਨ੍ਹਾਂ ਵਿੱਚੋਂ 71.44 ਫ਼ੀਸਦੀ ਵੋਟਾਂ ਅਤੇ 117-ਸ਼ੁਤਰਾਣਾ ਹਲਕੇ ਵਿਖੇ ਕੁਲ 1 ਲੱਖ 75 ਹਜ਼ਾਰ 355 ਵੋਟਰ ਹਨ ਜਿਨ੍ਹਾਂ ਵਿੱਚੋਂ 67.50 ਫ਼ੀਸਦੀ ਮਤਦਾਨ ਹੋਇਆ | ਚੋਣ ਅਧਿਕਾਰੀ ਕੁਮਾਰ ਅਮਿਤ ਨੇ ਦੱਸਿਆ ਕਿ ਦੇਰ ਰਾਤ ਤੱਕ ਈ.ਵੀ.ਐਮਜ ਨੂੰ ਪੋਿਲੰਗ ਪਾਰਟੀਆਂ ਵੱਲੋਂ ਵੱਖ-ਵੱਖ ਸਟਰਾਂਗ ਰੂਮਾਂ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ ਹੈ | ਜਿਥੇ ਸਖ਼ਤ ਸੁਰੱਖਿਆ ਪ੍ਰਬੰਧ ਦੇ ਇੰਤਜਾਮ ਕਰਦਿਆਂ ਸੀ.ਸੀ.ਟੀ.ਵੀ. ਕੈਮਰੇ ਅਤੇ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੀ 24 ਘੰਟੇ ਨਿਗਰਾਨੀ ਯਕੀਨੀ ਬਣਾਈ ਗਈ ਹੈ |
ਬਨੂੜ ਸ਼ਹਿਰ ਵਿਚ 65 ਫ਼ੀਸਦੀ ਅਤੇ ਪਿੰਡਾਂ ਵਿਚ 70 ਫ਼ੀਸਦੀ ਹੋਈ ਪੋਲਿੰਗ
ਬਨੂੜ, (ਭੁਪਿੰਦਰ ਸਿੰਘ)-ਬਨੂੜ ਖੇਤਰ ਵਿਚ ਲੋਕ ਸਭਾ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ | ਬਨੂੜ ਸ਼ਹਿਰ ਵਿਚ 65 ਫ਼ੀਸਦੀ ਅਤੇ ਆਲੇ ਦੁਆਲੇ ਪੇਂਡੂ ਖੇਤਰ ਵਿਚ 70 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ | ਸਮੁੱਚੇ ਖੇਤਰ ਵਿਚ ਹੁਕਮਰਾਨ ਧਿਰ ਦੇ ਪੋਲਿੰਗ ਬੂਥਾਂ 'ਤੇ ਵੋਟਰਾਂ ਅਤੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ | ਇਸ ਖੇਤਰ ਦੇ ਕਈ ਪਿੰਡਾਂ ਵਿਚ ਨੰਡਿਆਲੀ, ਬੂਟਾ ਸਿੰਘ ਵਾਲਾ ਆਦਿ ਪਿੰਡਾਂ ਵਿਚ ਅਕਾਲੀ ਭਾਜਪਾ ਗਠਜੋੜ ਦੇ ਬੂਥ ਨਹੀਂ ਲੱਗੇ | ਆਮ ਆਦਮੀ ਪਾਰਟੀ ਅਤੇ ਡਾ. ਧਰਮਵੀਰ ਗਾਂਧੀ ਦੇ ਇੱਕਾ-ਦੁੱਕਾ ਥਾਵਾਂ 'ਤੇ ਹੀ ਪੋਲਿੰਗ ਬੂਥ ਨਜ਼ਰ ਆਏ | ਬਨੂੜ ਸ਼ਹਿਰ ਦੇ 12 ਪੋਲਿੰਗ ਬੂਥਾਂ ਉੱਤੇ 13865 ਵੋਟਾਂ ਵਿੱਚੋਂ 8930 ਵੋਟਾਂ ਪੋਲ ਹੋਈਆਂ | ਪਿੰਡ ਬੁੱਢਣਪੁਰ, ਪਿੰਡ ਬਾਸਮਾ ਅਤੇ ਪਿੰਡ ਖ਼ਾਨਪੁਰ ਬੰਗਰ ਵਿਖੇ ਵੋਟਿੰਗ ਮਸ਼ੀਨਾਂ ਵਿਚ ਤਕਨੀਕੀ ਨੁਕਸ ਸਾਹਮਣੇ ਆਏ |
ਹਲਕਾ ਸ਼ੁਤਰਾਣਾ ਵਿਖੇ 66 ਫੀਸਦੀ ਤੋਂ ਵੱਧ ਵੋਟਾਂ ਪਈਆਂ
ਸ਼ੁਤਰਾਣਾ, (ਬਲਦੇਵ ਸਿੰਘ ਮਹਿਰੋਕ)-ਲੋਕ ਸਭਾ ਚੋਣਾਂ ਦੌਰਾਨ ਹਲਕਾ ਸ਼ੁਤਰਾਣਾ ਵਿਖੇ ਵੋਟਾਂ ਦਾ ਕੰਮ ਸ਼ਾਂਤਮਈ ਢੰਗ ਨਾਲ ਨੇਪਰੇ ਚੜਿ੍ਹਆ | ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ 66 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ | ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਲਈ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ | ਜਦ ਕਿ ਇੰਟਰ ਸਟੇਟ ਹੱਦ 'ਤੇ ਨਾਕੇਬੰਦੀਆਂ ਕਰਕੇ ਹਲਕੇ ਵਿਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਸੀ | ਇਸ ਵਾਰ ਹਰ ਬੂਥ 'ਤੇ ਸਿਹਤ ਵਿਭਾਗ ਦੇ ਕਰਮਚਾਰੀ, ਚੋਣਾਂ ਨਾਲ ਸਬੰਧਿਤ ਬੀ.ਐਲ.ਓਜ਼. ਤੇ ਆਂਗਣਵਾੜੀ ਵਰਕਰਜ਼ ਤੈਨਾਤ ਸਨ ਅਤੇ ਲੋੜਵੰਦ ਵੋਟਰਾਂ ਲਈ ਵਹੀਲ ਚੇਅਰ ਆਦਿ ਦੇ ਵੀ ਪ੍ਰਬੰਧ ਸਨ |
ਦੇਵੀਗੜ੍ਹ ਇਲਾਕੇ 'ਚ ਵੋਟਾਂ ਅਮਨ ਅਮਾਨ ਨਾਲ 68 ਫੀਸਦੀ ਹੋਈਆਂ ਪੋਲ
ਦੇਵੀਗੜ੍ਹ, (ਮੁਖਤਿਆਰ ਸਿੰਘ ਨੌਗਾਵਾਂ)-ਲੋਕ ਸਭਾ ਚੋਣਾਂ ਜਿਸ ਦਾ ਦੋ ਮਹੀਨੇ ਲੰਮਾ ਸਮਾਂ ਪ੍ਰਚਾਰ (ਬਾਕੀ ਸਫਾ 10 'ਤੇ)
ਚਲਦਾ ਰਿਹਾ ਪਰ ਅੱਜ ਅਮਨ ਅਮਾਨ ਨਾਲ ਪਈਆਂ ਵੋਟਾਂ ਨਾਲ ਸਮਾਪਤ ਹੋ ਗਿਆ | ਅੱਜ ਸ਼ਾਮ 6 ਵਜੇ ਤੱਕ ਲਗਪਗ 68 ਫੀਸਦੀ ਵੋਟਾਂ ਪੈਣ ਦਾ ਅਨੁਮਾਨ ਹੈ ਜਦ ਕਿ ਇਲਾਕੇ ਵਿਚ ਕਿਤੇ ਵੀ ਮਾੜੀ ਘਟਨਾ ਵਾਪਰਨ ਦੀ ਖ਼ਬਰ ਨਹੀਂ ਪਰ ਅਫਵਾਹਾਂ ਦਾ ਬਜ਼ਾਰ ਗਰਮ ਹੀ ਰਿਹਾ | ਇਸ ਦੌਰਾਨ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੇਵੀਗੜ੍ਹ ਇਲਾਕੇ 'ਚ ਸ਼ਾਂਤੀਪੂਰਵਕ ਪਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ |
ਘਨੌਰ ਹਲਕੇ 'ਚ ਅਮਨ ਅਮਾਨ ਨਾਲ ਭੁਗਤੀਆਂ ਵੋਟਾਂ
ਘਨੌਰ, (ਜਾਦਵਿੰਦਰ ਸਿੰਘ ਜੋਗੀਪੁਰ)-ਘਨੌਰ ਹਲਕੇ ਦੇ ਸਮੂਹ ਪਿੰਡਾਂ 'ਚ ਵੋਟਾਂ ਅਮਨ ਅਮਾਨ ਨਾਲ ਭੁਗਤੀਆਂ | ਇੱਥੇ ਕੁੱਲ ਵੋਟਾਂ 63 ਫੀਸਦੀ ਪੋਲ ਹੋਈਆਂ | ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਈਆਂ ਗਈਆਂ | ਵੋਟਰਾਂ 'ਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਵੇਰ ਪੌਣੇ 7 ਵਜੇ ਤੋਂ ਹੀ ਵੋਟਾਂ ਪਾਉਣ ਦੇ ਲਈ ਲੰਮੀਆਂ ਲਾਈਨਾਂ ਵਿਚ ਲੱਗ ਗਈਆਂ | ਨੇੜਲੇ ਪਿੰਡ ਮਹਿਦੂਦਾਂ 'ਚ ਈ.ਵੀ.ਐਮ. ਮਸ਼ੀਨ 'ਚ ਤਕਨੀਕੀ ਖਰਾਬੀ ਹੋਣ ਆਉਣ ਕਾਰਨ ਵੋਟਾਂ 15 ਮਿੰਟ ਲੇਟ ਪੈਣੀਆਂ ਸ਼ੁਰੂ ਹੋਈਆਂ ਅਤੇ ਪਿੰਡ ਮੰਜੌਲੀ ਵਿਚ ਵੀ.ਵੀ.ਪੈਟ. ਮਸ਼ੀਨ 'ਚ ਦੋ ਵਾਰ ਤਕਨੀਕੀ ਖਰਾਬੀ ਆਈ ਅਤੇ ਵੋਟਾਂ ਦਾ ਕੰਮ ਥੋੜ੍ਹੀ ਦੇਰ ਰੁਕਿਆ ਰਿਹਾ |