ਜਲੰਧਰ ਸੰਸਦੀ ਸੀਟ 'ਤੇ 62.92 ਫ਼ੀਸਦੀ ਲੋਕਾਂ ਨੇ ਪਾਈ ਵੋਟ

 ਜਲੰਧਰ ਸੰਸਦੀ ਸੀਟ 'ਤੇ 62.92 ਫ਼ੀਸਦੀ ਲੋਕਾਂ ਨੇ ਪਾਈ ਵੋਟ

ਜਲੰਧਰ, 19 ਮਈ (ਚੰਦੀਪ ਭੱਲਾ)-ਅੱਜ ਸੰਪੰਨ ਹੋਇਆਂ ਲੋਕ ਸਭਾ ਚੋਣਾਂ ਦੇ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਬੇਮਿਸਾਲ ਪ੍ਰਬੰਧਾਂ ਦੇ ਦਰਮਿਆਨ ਜਲੰਧਰ ਸੰਸਦੀ ਖੇਤਰ ਦੇ 62.36 ਫੀਸਦੀ ਲੋਕਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ | ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜਲੰਧਰ ਜ਼ਿਲੇ੍ਹ ਵਿਚ ਚੋਣਾਂ ਪੂਰੇ ਅਮਨ-ਅਮਾਨ ਨਾਲ ਨੇਪਰੇ ਚੜੀਆਂ | ਉਨ੍ਹਾਂ ਕਿਹਾ ਕਿ ਗਰਮੀ ਦੇ ਬਾਵਜੂਦ ਵੀ ਲੋਕਾਂ ਨੇ ਵੱਧ ਚੜ ਕੇ ਆਪਣੀ ਵੋਟ ਦੇ ਹਕ ਦਾ ਇਸਤੇਮਾਲ ਬਿਨਾ ਕਿਸੇ ਡੱਰ ਜਾਂ ਲਾਲਚ ਤੋਂ ਕੀਤਾ | ਉਨ੍ਹਾਂ ਕਿਹਾ ਕਿ ਇਸ ਵਾਰ ਆਮ ਚੋਣਾਂ ਵਿਚ ਵੋਟਾਂ ਦੀ ਪ੍ਰਤੀਸ਼ਤ 62.36 ਫੀਸਦੀ ਰਹੀ ਜਦਕਿ 2014 ਵਿਚ ਹੋਇਆਂ ਚੋਣਾਂ ਵਿਚ ਇਹ ਪ੍ਰਤੀਸ਼ਤ 67.21 ਫ਼ੀਸਦੀ ਸੀ | ਉਹਨਾਂ ਕਿਹਾ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਲਿਆ ਕੇ ਇ ਵੀ ਐਮ ਤੇ ਵੀ ਵੀ ਪੈਟ ਮਸ਼ੀਨਾਂ ਡਾਇਰੈਕਟਰ ਲੈਂਡ ਰਿਕਾਰਡ ਦੇ ਦਫਤਰ ਵਿਚ ਸਥਿਤ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਡਾਇਰੈਕਟਰ ਲੈਂਡ ਰਿਕਾਰਡ ਦੇ ਦਫਤਰ ਦੇ ਵਿਚ ਸੁਰੱਖਿਆ ਦੇ ਲਈ ਅਰਧ ਸੈਨਿਕ ਬੱਲ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਦਸਤੇ ਲਗਾਏ ਗਏ ਹਨ | ਨਾਲ ਹੀ ਉਨ੍ਹਾਂ ਕਿਹਾ ਕਿ ਸੀ ਸੀ ਟੀ ਵੀ ਕੈਮਰੇ ਵੀ ਮਸ਼ੀਨਾਂ ਦੀ ਨਿਗਰਾਨੀ ਲਈ ਚੱਪੇ ਚੱਪੇ ਤੇ ਲਾਏ ਗਏ ਹਨ | ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਜਿਸ ਦੇ ਲਈ 500 ਦੇ ਕਰੀਬ ਸਟਾਫ ਲਗਾਇਆ ਜਾਵੇਗਾ | ਉਹਨਾਂ ਇਹ ਵੀ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਲਈ ਤਿੰਨ ਮੈਂਬਰੀ 15 ਟੀਮਾਂ ਦਾ ਗਠਨ ਕੀਤਾ ਗਿਆ ਹੈ | ਉਹਨਾਂ ਕਿ ਗਿਣਤੀ ਨੂੰ ਵੀ ਅਮਨ- ਅਮਾਨ ਨਾਲ ਨੇਪਰੇ ਚਾੜਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ |
ਜਿਲੇ੍ਹ ਵਿਚ ਫਿਲੋਰ ਵਿਖੇ 65.54 ਫੀਸਦੀ, ਨਕੋਦਰ 61.5 ਫੀਸਦੀ, ਸ਼ਾਹਕੋਟ 64 ਫੀਸਦੀ, ਕਰਤਾਰਪੁਰ 63.8 ਫੀਸਦੀ ਜਲੰਧਰ ਵੈਸਟ 65.2, ਜਲੰਧਰ ਸੈਂਟਰਲ 58.82 ਫੀਸਦੀ, ਜਲੰਧਰ ਕੈਂਟ 60 ਫੀਸਦੀ, ਜਲੰਧਰ ਉੱਤਰੀ 64.15 ਫੀਸਦੀ, ਆਦਮਪੁਰ 63.13 ਫੀਸਦੀ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ |
ਸਵੇਰੇ ਤੋਂ ਹੀ ਰਿਹਾ ਵੋਟਰਾਂ 'ਚ ਵੋਟ ਪਾਉਣ ਦਾ ਉਤਸ਼ਾਹ
ਅੱਜ ਲੋਕ ਸਭਾ ਚੋਣਾਂ ਲਈ ਵੋਟ ਾਂ ਪਾਉਣ ਦਾ ਉਤਸ਼ਾਹ ਲੋਕਾਂ 'ਚ ਸਵੇਰੇ ਤੋਂ ਹੀ ਸੀ, ਵੋਟਾਂ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸੀ, ਪਰ ਜਿਵੇਂ ਹੀ ਸਵੇਰੇ 7 ਵਜੇ ਵੋਟਾਂ ਪਾਉਣ ਦਾ ਸਮਾਂ ਹੋਇਆ ਤਾਂ ਕੁੱਝ ਬੂਥਾਂ 'ਤੇ ਸਵੇਰੇ ਹੀ ਕਤਾਰਾਂ ਲੱਗ ਗਈਆਂ | ਇਹੋ ਨਹੀਂ ਸੱਭ ਤੋਂ ਵੱਧ ਵੋਟ ਪਾਉਣ ਦਾ ਉਤਸ਼ਾਹ ਉਨ੍ਹਾਂ 'ਚ ਵੇਖਣ ਨੂੰ ਮਿਲਿਆ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣੀ | ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਪ੍ਰਸ਼ਾਸ਼ਨ ਵਲੋਂ ਸਨਮਾਨ ਪੱਤਰ ਵੀ ਦਿੱਤੇ ਗਏ |